ਪੰਜਾਬ ਦੀ ਧਰਤੀ ਮੇਲੇ–ਤਿਉਹਾਰਾਂ ਦੀ ਧਰਤੀ ਹੈ। ਇੱਥੇ ਵੱਖ ਵੱਖ ਰੁੱਤਾਂ ਦੇ ਵੱਖ ਵੱਖ ਮੇਲੇ ਤਿਉਹਾਰ ਮਨਾਏ ਜਾਂਦੇ ਹਨ। ਪੰਜਾਬੀ ਸਮਾਜ ਵਿਚ ਹਰ ਤਿਉਹਾਰ ਦਾ ਆਪਣਾ ਖਾਸ ਸਥਾਨ ਹੈ, ਇਸ ਦੀ ਵਜਾਹ ਇਕ ਇਹ ਵੀ ਹੈ ਕਿ ‘ਮੇਲੇ ਅਤੇ ਤਿਉਹਾਰਾਂ’ ਦੀ ਸਮਾਜ ਦੇ ਹਰ ਉਮਰ ਅਤੇ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਸਾਂਝ ਹੁੰਦੀ ਹੈ ਕਿਉਂਕਿ ਇਹ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਚਾਅ ਮਲਾਰ, ਖੁਸ਼ੀਆਂ-ਖੇੜੇ, ਸੱਧਰਾਂ, ਇਛਾਵਾਂ, ਮਨੌਤਾਂ ਅਤੇ ਪ੍ਰਤਿਭਾਵਾਂ ਨੂੰ ਜਾਹਿਰ ਕਰਨ ਦਾ ਇਕ ਜਰੀਆ ਹੁੰਦੇ ਹਨ।
ਤਿਉਹਾਰ ਅਤੇ ਮੇਲੇ ਮਨੁੱਖ ਦੀਆਂ ਧਾਰਮਿਕ ਰਹੁ-ਰੀਤਾਂ ਤੇ ਜਜ਼ਬਾਤੀ ਰਹੁ-ਰੀਤਾਂ ਨਾਲ ਮਾਨਸਿਕ ਪੱਧਰ ‘ਤੇ ਜੁੜੇ ਹੁੰਦੇ ਹਨ। ਇਨ੍ਹਾਂ ‘ਚੋਂ ਕੁਝ ਤਿਉਹਾਰ ਕੁੜੀਆਂ ਮੁਟਿਆਰਾ ਦੇ ਹੁੰਦੇ ਹਨ, ਜਿਨ੍ਹਾਂ ਵਿਚੋਂ ਇਕ ਸਾਉਣ ਮਹੀਨੇ ਆਉਣ ਵਾਲਾ ਤੀਆਂ ਦਾ ਤਿਉਹਾਰ ਹੈ, ਜਿਸਦਾ ਆਪਣਾ ਹੀ ਵੱਖਰਾ ਰੂਪ ਰੰਗ ਅਤੇ ਢੰਗ ਹੁੰਦਾ ਹੈ ਜੋ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਉਣ ਦੀ
ਪੁੰਨਿਆਂ ਤੱਕ ਤੇਰਾਂ ਦਿਨਾਂ ਤੱਕ ਚੱਲਦਾ ਰਹਿੰਦਾ ਹੈ। ਅਸਲ ਵਿੱਚ ਤੀਆਂ ਦਾ ਤਿਉਹਾਰ ਖੁੱਲ੍ਹ ਕੇ ਨੱਚਣ-ਟੱਪਣ, ਜੀਵਨ ਦੇ ਰੁਝੇਂਵਿਆਂ ਤੋਂ ਬੇਧਿਆਨੇ ਹੋ ਕੇ ਖ਼ੁਸ਼ੀਆਂ ਸਾਂਝੀਆਂ ਕਰਨ ਤੇ ਖ਼ੁਸ਼ੀਆਂ ਮਾਨਣ ਦਾ ਤਿਉਹਾਰ ਹੈ।ਸੋ ਪੰਜਾਬ ਦੇ ਰੰਗ-ਬਿਰੰਗੇ, ਨਚਣ-ਗਾਉਣ ਵਾਲੇ ਤਿਉਹਾਰਾਂ ਪਿੱਛੇ ਕੋਈ ਇਕ ਕਾਰਨ ਨਹੀਂ ਹੈ, ਇਨ੍ਹਾਂ ਪਿੱਛੇ ਬਹੁਤ ਅਜਿਹੇ ਕਾਰਨ ਹਨ, ਜੋ ਪੁਰਾਣੇ ਹੱਸਦੇ-ਵੱਸਦੇ ਪੰਜਾਬ ਦੇ ਖੁੱਲ੍ਹ-ਦਿਲੇ ਲੋਕਾਂ, ਭਾਈਚਾਰਕ ਸਾਂਝ ਅਤੇ ਬਹੁ-ਧਾਰਮਿਕਤਾ ਦੀ ਮਿਸਾਲ ਹਨ। ਸਾਉਣ ਮਹੀਨੇ ਦਾ ਤਿਉਹਾਰ ਉਨ੍ਹਾਂ ਸਭ ਰੰਗਾਂ ‘ਚੋ ਇਕ ਰੰਗ ਹੈ, ਜੋ ਬਹੁਤ ਖੂਬਸੂਰਤ ਹੈ ।ਪਰੰਤੂ ਅੱਜ-ਕੱਲ੍ਹ ਬਹੁਤ ਸਾਰੇ ਰਸਮ-ਰਿਵਾਜ਼ ਸਮੇਂ ਅਨੁਸਾਰ ਖ਼ਤਮ ਹੁੰਦੇ ਜਾ ਰਹੇ ਹਨ। ਪੰਜਾਬੀ ਸੱਭਿਆਚਾਰ ਉੱਪਰ ਪਏ ਪੱਛਮੀ ਪ੍ਰਭਾਵਾਂ ਸਦਕਾ ਤੀਆਂ ਦੇ ਪਿੜ ਅਲੋਪ ਹੋ ਗਏ ਹਨ, ਰਸਮ-ਰਿਵਾਜ਼ ਖ਼ਤਮ ਹੋ ਰਹੇ ਹਨ, ਆਪਸੀ ਪਿਆਰ ਮਿਲਵਰਤਣ ਘਟਦਾ ਜਾ ਰਿਹਾ ਹੈ।
ਲੋਕ ਖਪਤੀ ਸੱਭਿਆਚਾਰ ਅਤੇ ਮਸ਼ੀਨੀਕਰਨ ਦੀ ਦੌੜ ਵਿੱਚ ਮਸ਼ੀਨ ਬਣਦੇ ਜਾ ਰਹੇ ਹਨ। ਅੱਜ ਮਨੁੱਖ ਪ੍ਰਕਿਰਤੀ ਤੋਂ ਟੁੱਟ ਕੇ ਅਤੇ ਆਪਸੀ ਭਾਈਚਾਰੇ ਨੂੰ ਭੁਲਾ ਕੇ ਪੈਸੇ ਦੀ ਹੋੜ ਕਾਰਨ ਚਿੰਤਾ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਹੈ। ਸਾਨੂੰ ਲੋੜ ਹੈ ਕਿ ਅਸੀਂ ਆਪਣੇ ਵਿਰਸੇ ਦੀ ਅਮੀਰੀ ਨੂੰ ਪਛਾਣੀਏ ਤੇ ਆਪਸੀ ਮਿਲਵਰਤਣ ਅਤੇ ਭਾਈਚਾਰੇ ਨੂੰ ਫਿਰ ਤੋਂ ਸੁਰਜੀਤ ਕਰਕੇ ਤਿਉਹਾਰਾਂ ਮੇਲਿਆਂ ਤੇ ਆਪਣੇ ਅਮੀਰ ਸੱਭਿਆਚਾਰ ਦੀ ਹੋਂਦ ਨੂੰ ਪਛਾਣੀਏ।
ਡਾ: ਖੁਸ਼ਨਸੀਬ ਕੌਰ ਸੂਰਿਆ
ਪ੍ਰੋਫ਼ੈਸਰ ( ਮੁੱਖੀ ਪੰਜਾਬੀ ਵਿਭਾਗ) ਗੁਰੂ ਨਾਨਕ ਕਾਲਜ ਕਿਲਿਆਂਵਾਲੀ।
Comments