ਪੰਜਾਬ ਸਰਕਾਰ ਵੱਲੋਂ ਹਰੇਕ ਉਮਰ ਵਰਗ ਦੇ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਖੇਡ ਮੇਲਾ 2022 ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਰਾਜ ਪੱਧਰੀ, ਜਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਰਾਜਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਮੁਕਤਸਰ ਸਾਹਿਬ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਦਿਆਂ ਦਿੱਤੀ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਚਾਰ ਬਲਾਕਾਂ ’ਚ ਟੂਰਨਾਮੈਂਟ ਕਰਵਾਏ ਜਾਣਗੇ। ਇਸ ਖੇਡ ਮੇਲੇ ਦਾ ਮੁੱਖ ਉਦੇਸ਼ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣਾ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨੀ, ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨੀ, ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਖੇਡ ਮੇਲੇ ਦੀ ਸ਼ੁਰੂਆਤ ਪੰਜਾਬ ਦੇ ਸਮੂਹ ਜਿਲ੍ਹਿਆਂ ਵਿੱਚ ਬਲਾਕ ਪੱਧਰ ਟੂਰਨਾਮੈਂਟ ਆਯੋਜਿਤ ਕਰਵਾ ਕੇ ਕਰਵਾਈ ਜਾ ਰਹੀ ਹੈ। ਜੋ ਕਿ ਮਿਤੀ 1 ਸਤੰਬਰ ਤੋਂ 7 ਸਤੰਬਰ ਤੱਕ ਕਰਵਾਏ ਜਾਣਗੇ। ਇਨ੍ਹਾਂ ਬਲਾਕ ਟੂਰਨਾਮੈਂਟ ਵਿੱਚ ਖੋਹਖੋਹ, ਕਬੱਡੀ, ਵਾਲੀਬਾਲ, ਰੱਸਾਕੱਸੀ, ਫੁੱਟਬਾਲ ਅਤੇ ਐਥਲੈਟਿਕਸ ਗੇਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਜਿਸ ਵਿੱਚ ਉਮਰ ਵਰਗ ਅੰਡਰ 14,17,21, 21 ਤੋਂ 40, 40 ਤੋਂ 50 ਅਤੇ 50 ਤੋਂ 60 ਉਮਰ ਤੱਕ ਦੇ ਖਿਡਾਰੀ/ਖਿਡਾਰਨਾਂ ਭਾਗ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਟੂਰਨਾਮੈਂਟਾਂ ਵਿੱਚ ਭਾਗ ਲੈਣ ਲਈ ਖਿਡਾਰੀ ਨੂੰ ਵਿਭਾਗ ਦੁਆਰਾ ਜਾਰੀ ਕੀਤੀ ਵੈਬਸਾਈਟ www.punjabkhedmela2022.in ’ਤੇ ਖੁਦ ਨੂੰ ਆਨਲਾਇਨ ਰਜਿਸਟਰਡ ਹੋਣਾ ਹੋਵੇਗਾ। ਰਜਿਟਰਡ ਹੋਣ ਉਪਰੰਤ ਹੀ ਟੀਮ/ਵਿਅਕਤੀਗਤ ਈਵੇਂਟ, ਵਿੱਚ ਖਿਡਾਰੀ ਭਾਗ ਲੈ ਸਕੇਗਾ। ਇਹ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 25 ਅਗਸਤ 2022 ਤੱਕ ਹੈ।
ਉਨ੍ਹਾਂ ਵੱਖ-ਵੱਖ ਬਲਾਕਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਲਾਕ ਮਲੋਟ ਦੇ ਟੂਰਨਾਮੈਂਟ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਮਿਤੀ 1 ਸਤੰਬਰ ਤੋਂ 3 ਸਤੰਬਰ ਤੱਕ ਕਰਵਾਏ ਜਾ ਰਹੇ ਹਨ, ਬਲਾਕ ਲੰਬੀ ਦੇ ਖੇਡ ਮੁਕਾਬਲੇ ਆਦਰਸ਼ ਸੀ: ਸੈ: ਸਕੂਲ ਪਿੰਡ ਭਾਗੂ ਵਿਖੇ ਮਿਤੀ 1 ਸਤੰਬਰ ਤੋਂ 3 ਸਤੰਬਰ ਕਰਵਾਏ ਜਾ ਰਹੇ ਹਨ। ਮਿਤੀ 1 ਸਤੰਬਰ ਤੋਂ 2 ਸਤੰਬਰ ਤੱਕ ਉਮਰ ਵਰਗ ਅੰਡਰ 14,17,21 ਅਤੇ 21 ਤੋਂ 40 ਸਾਲ ਤੱਕ ਉਮਰ ਵਰਗ ਦੇ ਮੁਕਾਬਲੇ ਹੋਣਗੇ ਅਤੇ ਮਿਤੀ 3 ਸਤੰਬਰ ਨੂੰ 41 ਤੋ 50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਤੱਕ ਦੇ ਮੁਕਾਬਲੇ ਦੋਨੋ ਬਲਾਕਾਂ ਵਿੱਚ ਕਰਵਾਏ ਜਾਣਗੇ। ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਟੂਰਨਾਮੈਂਟ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਮਿਤੀ 5 ਸਤੰਬਰ ਤੋ 7 ਸਤੰਬਰ ਤੱਕ ਕਰਵਾਏ ਜਾ ਰਹੇ ਹਨ ਅਤੇ ਬਲਾਕ ਗਿੱਦੜਬਾਹਾ ਦੇ ਖੇਡ ਮੁਕਾਬਲੇ ਪਿੰਡ ਕੋਟਭਾਈ ਵਿਖੇ ਬਣੇ ਸਟੇਡੀਅਮ ’ਚ ਮਿਤੀ 5 ਸਤੰਬਰ ਤੋ 7 ਸਤੰਬਰ ਤੱਕ ਕਰਵਾਏ ਜਾ ਰਹੇ ਹਨ। ਮਿਤੀ 5 ਸਤੰਬਰ ਤੋ 6 ਸਤੰਬਰ ਤੱਕ ਉਮਰ ਵਰਗ ਅੰਡਰ 14,17,21 ਅਤੇ 21 ਤੋ 40 ਸਾਲ ਤੱਕ ਉਮਰ ਵਰਗ ਦੇ ਮੁਕਾਬਲੇ ਹੋਣਗੇ ਅਤੇ ਮਿਤੀ 7 ਸਤੰਬਰ ਨੂੰ 41 ਤੋ 50 ਸਾਲ ਅਤੇ 50 ਸਾਲ ਤੋ ਵੱਧ ਉਮਰ ਤੱਕ ਦੇ ਮੁਕਾਬਲੇ ਦੋਨੋ ਬਲਾਕਾਂ ਵਿੱਚ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਆਫਲਾਈਨ ਐਂਟਰੀ ਲਈ ਖਿਡਾਰੀ ਆਪਣਾ ਪ੍ਰੋਫਾਰਮਾ ਸਕੂਲ ਪ੍ਰਿੰਸੀਪਲ/ਸਰਪੰਚ/ਐੱਮ.ਸੀ /ਕਲੱਬ ਪ੍ਰਧਾਨ ਪਾਸੋਂ ਤਸਦੀਕ ਕਰਵਾ ਕੇ ਸਬੰਧਤ ਖੇਡ ਸਥਾਨ ਤੇ ਜਮ੍ਹਾ ਕਰਵਾਉਣਗੇ। ਇਹ ਪ੍ਰੋਫਾਰਮਾ ਦਫਤਰ ਜਿਲ੍ਹਾ ਖੇਡ ਅਫਸਰ ਸ੍ਰੀ ਮੁਕਤਸਰ ਸਾਹਿਬ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਟੂਰਨਾਮੈਂਟ ਸਥਾਨ ਤੇ ਉਮਰ ਦੇ ਸਬੂਤ ਵਜੋ ਖਿਡਾਰੀ ਆਪਣਾ ਅਧਾਰ ਕਾਰਡ ਨਾਲ ਲੈ ਕੇ ਆਉਣ। ਟੂਰਨਾਮੈਂਟ ਸਥਾਨ ਤੇ ਪਹੁੰਚਣ ਲਈ ਖਿਡਾਰੀਆਂ ਨੂੰ ਕਿਸੇ ਪ੍ਰਕਾਰ ਦਾ ਕਿਰਾਇਆ ਨਹੀਂ ਦਿੱਤਾ ਜਾਵੇਗਾ। ਲੜਕੀਆਂ ਦੀ ਸਹੂਲਤ ਦਾ ਖਾਸ ਧਿਆਨ ਰੱਖਿਆ ਜਾਵੇਗਾ ਅਤੇ ਖਿਡਾਰੀਆਂ/ਟੀਮਾਂ ਦੀ ਰਜਿਸਟ੍ਰੇਸ਼ਨ ਸਬੰਧੀ ਕਿਸੇ ਵੀ ਤਰ੍ਹਾ ਦੀ ਜਾਣਕਾਰੀ ਲਈ ਦਫਤਰ ਜਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਮੋ: ਨੰ: 98887-88785 ਨਾਲ ਸੰਪਰਕ ਕੀਤਾ ਜਾਵੇ ਜਾਂ ਦਫਤਰ ਦੇ ਕਿਸੇ ਵੀ ਕੰਮ ਵਾਲੇ ਦਿਨ ਦਫਤਰ ਜਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਲਈ ਜਾਵੇ।
Comments